ਸਵਾਗਤ - Welcome


ਸਵਾਗਤ
ਭਾਰਤੀ ਗਿਆਨ ਪਰੰਪਰਾ ਨਾਲ ਸੰਬੰਧਿਤ ਇਸ ਬਲਾਗ ਉੱਤੇ ਤੁਹਾਡਾ ਸਵਾਗਤ ਹੈ।

ਇਸ ਬਲਾਗ ਦਾ ਸਰੋਕਾਰ ਪੰਜਾਬ ਅਤੇ ਭਾਰਤ ਦੀ ਸਰਜ਼ਮੀਨ ਉੱਤੇ ਵਿਕਸਿਤ ਹੋਏ ਉਨ੍ਹਾਂ ਗਿਆਨ-ਪ੍ਰਬੰਧਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪੇਸ਼ ਕਰਨਾ ਹੈ ਜਿਨ੍ਹਾਂ ਨੇ ਧਰਤੀ ਦੇ ਇਸ ਖਿੱਤੇ ਉੱਪਰ ਵਸਣ ਵਾਲੀ ਲੋਕਾਈ ਨੂੰ ਨਵੇਕਲੀ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜਾਚ ਪ੍ਰਦਾਨ ਕੀਤੀ ਹੈ। ਇਸ ਗਿਆਨ ਪਰੰਪਰਾ ਵਿੱਚ ਧਰਮ, ਦਰਸ਼ਨ, ਨੈਤਿਕਤਾ, ਆਯੁਰਵੇਦ, ਮਨੋਵਿਗਿਆਨ ਅਤੇ ਸਮਾਜ-ਵਿਗਿਆਨਕ ਚਿੰਤਨ ਤੋਂ ਇਲਾਵਾ ਭਾਸ਼ਾ, ਸਾਹਿਤ, ਸੰਗੀਤ, ਕਲਾ ਅਤੇ ਨ੍ਰਿਤ ਨਾਲ ਸੰਬੰਧਿਤ ਸਿੱਧਾਂਤ ਚਿੰਤਨ ਵੀ ਸਾਮ੍ਹਣੇ ਆਇਆ ਹੈ। ਵਿਸ਼ਵੀਕਰਨ ਜਾਂ ਭੂਮੰਡਲੀਕਰਨ ਦੇ ਅਜੋਕੇ ਦੌਰ ਵਿਚ ਪੱਛਮੀ ਜੀਵਨ-ਸ਼ੈਲੀ ਦੀ ਪ੍ਰਭੁਤਾ ਅਤੇ ਖਪਤ-ਸਭਿਆਚਾਰ ਦੇ ਵਧ ਰਹੇ ਪ੍ਰਭਾਵ ਕਾਰਣ ਸਾਡੀ ਨੌਜਵਾਨ ਜਿਸ ਤੇਜ਼ੀ ਨਾਲ ਆਪਣੀਆਂ ਜੜ੍ਹਾਂ ਤੋਂ ਉੱਖੜ ਰਹੀ ਹੈ ਉਹ ਸਾਡੇ ਸਾਰਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਵਿਡੰਬਨਾ ਇਹ ਹੈ ਕਿ ਅੱਜ ਜਦੋਂ ਪੱਛਮੀ ਬੰਦਾ ਵਿਅਕਤੀਵਾਦੀ ਸੋਚ ਅਤੇ ਸਰਮਾਏ ਦੀ ਅੰਨ੍ਹੀ ਦੌੜ ਤੋਂ ਉਪਰਾਮ ਹੋ ਕੇ ਪੂਰਬੀ ਸੋਚ ਵਲ ਪਰਤ ਰਿਹਾ ਹੈ ਤਾਂ ਅਸੀਂ ਓਸੇ ਸਭਿਅਤਾ ਦੇ ਭਰਮ-ਉਪਜਾਊ ਜਾਦੂ-ਪ੍ਰਭਾਵ ਦੇ ਕੀਲੇ ਹੋਏ ਆਪਣਾ ਆਪਾ ਭੁੱਲਦੇ ਜਾ ਰਹੇ ਹਾਂ ਅਤੇ ਅਰਥਹੀਣਤਾ ਦੀ ਓਸੇ ਦਲਦਲ ਵਿੱਚ ਧਸਦੇ ਜਾ ਰਹੇ ਹਾਂ। ਇਸ ਤ੍ਰਾਸਦਿਕ ਸਥਿਤੀ ਲਈ ਸਾਡਾ ਉਹ ਵਿਦਿਅਕ ਢਾਂਚਾ ਹੈ ਜਿਸ ਦੀ ਬੁਨਿਆਦ ਬਸਤੀਵਾਦੀ ਹਕੂਮਤ ਵੇਲੇ ਲਾਰਡ ਮੈਕਾਲੇ ਵਰਗੇ ਸ਼ਾਤਰ ਵਿਚਾਰਕਾਂ ਵਲੋਂ ਰੱਖੀ ਗਈ ਸੀ ਜਿਸਨੇ ਸਾਡੇ ਮਨਾਂ ਅੰਦਰ ਵਿਰਸੇ ਦੇ ਗੌਰਵ ਦੀ ਬਜਾਏ ਆਤਮਹੀਣਤਾ ਅਤੇ ਗ਼ੁਲਾਮੀ ਦੀ ਭਾਵਨਾ ਨੂੰ ਵਧੇਰੇ ਉਤਸਾਹਿਤ ਕੀਤਾ। ਅੱਜ ਜਦੋਂ ਕਿ ਪੱਛਮ ਦਾ ਸੂਝਵਾਨ ਵਰਗ ਭਾਰਤ ਦੀ ਇਸ ਸਮਾਨੰਤਰ ਗਿਆਨ ਪਰੰਪਰਾ ਦੇ ਮਹੱਤਵ ਨੂੰ ਪਛਾਣ ਰਿਹਾ ਹੈ ਤਾਂ ਸਾਨੂੰ ਵੀ ਆਪਣੇ ਵਿਰਸੇ ਦੀ ਇਸ ਗਿਆਨ-ਪਰੰਪਰਾ ਨਾਲ ਸਮਝ ਅਤੇ ਸੂਝ ਦਾ ਰਿਸ਼ਤਾ ਜੋੜਨਾ ਬਣਦਾ ਹੈ।
ਪਰ ਇਸ ਸੰਦਰਭ ਵਿੱਚ, ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਵਿਰਸੇ ਦਾ ਮਹੱਤਵ ਪਛਾਨਣ ਦਾ ਅਰਥ ਅੰਧ-ਵਿਸ਼ਵਾਸ਼ੀ ਜਾਂ ਪੁਰਾਤਨ-ਪੰਥੀ ਹੋਣਾ ਅਤੇ ਅਤੀਤ ਵਲ ਵਾਪਸ ਪਰਤਣਾ ਨਹੀਂ ਸਗੋਂ ਅਤੀਤ ਦੀਆਂ ਉਸਾਰੂ ਕਦਰਾਂ-ਕੀਮਤਾਂ ਗਿਆਨ-ਮੂਲਕ ਅੰਤਰ-ਦ੍ਰਿਸ਼ਟੀਆਂ ਨੂੰ ਵਰਤਮਾਨ ਵਿੱਚ ਪ੍ਰਾਸੰਗਿਕ ਬਣਾ ਕੇ ਗ੍ਰਹਿਣ ਕਰਨਾ ਹੈ। ਅਤੀਤ ਦਾ ਸਾਰਾ ਕੁਝ ਗ੍ਰਹਿਣ ਕਰਨ ਯੋਗ ਨਹੀਂ ਹੁੰਦਾ ਅਤੇ ਨਾ ਹੀ ਵਰਤਮਾਨ ਦਾ ਸਾਰਾ ਕੁਝ ਤਿਆਗਣ-ਯੋਗ ਹੁੰਦਾ ਹੈ। ਮਾਨਵ-ਦੋਖੀ ਜਾਤੀ ਪ੍ਰਥਾ ਅਤੇ ਬੇਲੋੜਾ ਕਰਮ-ਕਾਂਡੀ ਆਡੰਬਰ ਸਾਡੇ ਸਭਿਆਚਾਰਕ ਅਤੀਤ ਦਾ ਅੰਗ ਰਿਹਾ ਹੈ ਜੋ ਨਿਸ਼ਚੇ ਹੀ ਤਿਆਗਣਯੋਗ ਹੈ ਪਰ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਜਿਸ ਉੱਤੇ ਹੱਕੀ ਤੌਰ ਤੇ ਮਾਣ ਕੀਤਾ ਜਾ ਸਕਦਾ ਹੈ ਅਤੇ ਜਿਸ ਤੋਂ ਬਹੁਤ ਕੁਝ ਸਿਖਿਆ ਜਾ ਸਕਦਾ ਹੈ।
ਇਸੇ ਕਿਸਮ ਦੀ ਆਲੋਚਨਾਤਮਕ ਅਤੇ ਮੁੱਲਾਂਕਨੀ ਦ੍ਰਿਸ਼ਟੀ ਨਾਲ ਅਸੀਂ ਇਥੇ ਭਾਰਤ ਦੀ ਗਿਆਨ ਪਰੰਪਰਾ ਦਾ ਅਧਿਐਨ ਤੇ ਵਿਸ਼ਲੇਸ਼ਣ ਕਰਨ ਦਾ ਉਪਰਾਲਾ ਕੀਤਾ ਹੈ। ਪੰਜਾਬੀ ਪਾਠਕਾਂ ਨੂੰ ਗਿਆਨ ਦੀ ਇਸ ਵਿਰਾਸਤ ਨਾਲ ਜੋੜਨਾ ਅਤੇ ਇਸਦੀ ਵਰਤਮਾਨ ਸਾਰਥਕਤਾ ਅਤੇ ਪ੍ਰਾਸੰਗਿਕਤਾ ਸਥਾਪਿਤ ਕਰਨਾ ਇਸ ਬਲਾਗ ਦਾ ਮੁੱਖ ਉਦੇਸ਼ ਹੈ।



Sunday, February 21, 2021

अंतरराष्ट्रीय मातृभाषा दिवस 2021 के अवसर पर विशेष व्याख्यान

No comments:

Post a Comment